ਲੋਗ
Updated: Nov 8, 2019
ਜੇ ਕੋਈ ਥੋਡੇ ਤੋਂ ਖੁਸ਼ ਨਹੀਂ ਤਾਂ ਇਹ ਥੋਡੀ ਸਮੱਸਿਆ ਨਹੀਂ। ਕਿਸੇ ਦਾ ਦਿਲ ਨਾ ਦਖਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਵੀ ਖੁਸ਼ ਕਰਨਾ ਥੋਡੀ ਜੁੱਮੇਵਾਰੀ ਹੈ। ਓਹਨਾਂ ਨੂੰ ਹਮੇਸ਼ਾ ਥੋਡੀਆਂ ਕਮੀਆਂ ਹੀ ਦਿਖਾਈ ਦੇਣਗੀਆਂ। ਪਹਿਲਾਂ ਪਿਆਰ ਨਾਲ ਥੋਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਥੋਡੇ ਤੇ ਕੋਈ ਅਸਰ ਨਾ ਹੋਇਆ ਤਾਂ ਫੇਰ ਹੋਰ ਕੋਈ ਰਾਹ ਨਾ ਬਚਦੇ ਹੋਏ ਥੋਡੇ ਤੇ ਸਿੱਧਾ ਹਮਲਾ ਕਰਨਗੇ। ਜਦੋਂ ਆਪ ਕੁਝ ਨਾ ਵਿਗਾੜ ਸਕੇ ਤਾਂ ਹੋਰ ਲੋਕਾਂ ਨਾਲ ਮਿਲਕੇ ਕੋਈ ਨਵਾਂ ਉਪਰਾਲਾ ਕਰਨਗੇ ਥੋਨੂੰ ਸਿੱਟਣ ਦਾ। ਇਹੀ ਦੁਨੀਆ ਦਾ ਦਸਤੂਰ ਹੈ। ਨਾ ਇਸਤੋਂ ਹੈਰਾਨ ਹੋਣ ਦੀ ਲੋੜ ਹੈ ਤੇ ਨਾ ਪਰੇਸ਼ਾਨ। ਇਹ ਵੀ ਬਹੁਤ ਕਮਾਲ ਦੀ ਗੱਲ ਹੈ ਕਿ ਥੋਡਾ ਪਰੇਸ਼ਾਨ ਨਾ ਹੋਣਾ ਹੀ ਓਹਨਾਂ ਨੂੰ ਸਭਤੋਂ ਵੱਧ ਪਰੇਸ਼ਾਨ ਕਰੂਗਾ। ਜਿੰਨਾ ਨੇ ਕਦੇ ਆਪ ਉੱਠਣ ਦਾ ਜੇਰਾ ਨਾ ਕੀਤਾ ਹੋਵੇ ਓਹਨਾਂ ਨੂੰ ਥੋਡੀ ਹੋਂਦ ਹੀ ਜਹਿਰ ਵਰਗੀ ਜਾਪਦੀ ਹੈ। ਇਹ ਨਸੂੜੇ ਦੀਆਂ ਗਿੱਟਕਾਂ ਹੁੰਦੀਆਂ ਨੇ। ਜਿਨ੍ਹੀਂ ਜਲਦੀ ਇਹਨਾਂ ਤੋਂ ਨਿਜਾਤ ਪਾ ਲਓ। ਓਨਾ ਹੀ ਬਹਿਤਰ ਹੈ। ਪਰ ਸਭਤੋਂ ਜਰੂਰੀ ਹੈ ਇਹਨਾਂ ਦੀ ਸਮਾਂ ਰਹਿੰਦੇ ਪਹਿਚਾਣ ਕਰਨੀ। ਕਿਉਂਕਿ ਇੱਕ ਵਾਰ ਚਿੰਬੜੀਆਂ ਇਹ ਬਹੁਤ ਔਖਾ ਖੈੜਾ ਛੱਡਦੀਆਂ ਨੇ। ਇਹਦਾ ਮਤਲਬ ਇਹ ਵੀ ਨਹੀਂ ਕਿ ਆਪਣੇ ਵਿੱਚ ਕੋਈ ਕਮੀਂ ਨਹੀਂ ਪਰ ਲੋਕ ਤਾਂ ਬਾਬੇ ਨਾਨਕ ਵਿੱਚ ਨਗੋਚਾਂ ਕੱਢ ਲੈਂਦੇ ਨੇ ਤੁਸੀਂ ਕਿਸ ਬਾਗ਼ ਦੀ ਮੂਲੀ ਊਂ। ਗਲਤੀਆਂ ਕਰਨਾ ਗਲਤ ਨਹੀਂ। ਜੀਨੇ ਕਦੇ ਗਲਤੀ ਨਹੀਂ ਕੀਤੀ ਓਹਨੇ ਜਿੰਦਗੀ ਅਜਾਈਂ ਗਵਾ ਦਿੱਤੀ। ਆਪਣਾ ਮਕਸਦ ਸਿਰਫ ਬੀਤ ਚੁੱਕੇ ਕੱਲ ਦੀਆਂ ਗਲਤੀਆਂ ਤੋਂ ਸਿੱਖਣਾ ਹੈ ਤਾਂਕਿ ਆਉਣ ਵਾਲੇ ਕੱਲ ਵਿੱਚ ਬਹਿਤਰ ਕਿਰਦਾਰ ਨਿਭਾ ਸਕੀਏ। - ਸਰਬ ਗਿੱਲ



Comments